ਮਹਾਨਗਰ ਦਿੱਲੀ

ਭਾਰਤ ਇਕ ਵਿਸ਼ਾਲ ਦੇਸ ਹੈ | ਪੁਰਾਣੇ ਸਮੇਂ ਤੋਂ ਇਸ ਦੀ ਰਾਜਧਾਨੀ ਦਿੱਲੀ ਕਈ ਵਾਰੀ ਉਜੜੀ ਤੇ ਕਈ ਵਾਰੀ ਬਣੀ । ਇਥੋਂ ਦੀ ਹਰ ਘਟਨਾ ਦਾ ਫਰਕ ਪੂਰੇ ਭਾਰਤ ਵਿੱਚ ਪੈਂਦਾ ਹੈ । ਦਿੱਲੀ ਹਿੰਦੁਸਤਾਨ ਦੇ ਇਤਿਹਾਸ ਦਾ ਨਿਚੋੜ ਹੈ । ਇਸ ਅੰਦਰ ਸਾਨੂੰ ਚਾਰੇ ਪਾਸੇ ਪੁਰਾਤਨ ਕਾਲ ਦੀਆਂ । ਬਣੀਆਂ ਹੋਈਆਂ ਇਮਾਰਤਾਂ ਅੱਜ ਵੀ ਨਜ਼ਰ ਆਉਂਦੀਆਂ ਹਨ । ਇਹ ਇਮਾਰਤਾਂ ਉਸ ਸਮੇਂ ਦੀ ਖੂਬਸੂਰਤ ਨਕਾਸ਼ੀ ਦਾ ਸੁੰਦਰ ਨਮੂਨਾ ਹਨ । ਭਾਵੇਂ ਕਿ ਇਹ ਇਮਾਰਤਾਂ ਅੱਜ ਖੰਡਰ ਦਾ ਰੂਪ ਧਾਰ ਗਈਆਂ ਹਨ ਲੇਕਿਨ ਫੇਰ ਵੀ ਇਹਨਾਂ ਦੀ ਸ਼ਾਨ ਕਈ ਥਾਂਵਾਂ ਉੱਤੇ ਅੱਜ ਵੀ ਉਹੋ ਜਿਹੀ ਪਈ ਹੈ।

ਪੁਰਾਤਨ ਇਮਾਰਤਾਂ ਦੀ ਸੁੰਦਰ ਮਿਸਾਲ ਇਸ ਤੋਂ ਵੱਧ ਹੋਰ ਕਿਤੇ ਨਹੀਂ ਮਿਲ ਸਕਦੀ ਜਿਵੇਂ ਕਿ ਲਾਲ ਕਿਲਾ, ਕੁਤਬਮੀਨਾਰ, ਪੁਰਾਣਾ ਕਿਲਾ, ਸਫ਼ਦਰਜੰਗ ਕਿਲਾ ਆਦਿ ਇਮਾਰਤਾਂ ਅੱਜ ਵੀ ਆਪਣੇ ਇਤਿਹਾਸ ਦੀ ਪੁਰਾਣੀ ਘਟਨਾਵਾਂ ਨੂੰ ਦਰਸਾ ਰਹੀਆਂ ਹਨ | ਲਾਲ ਕਿਲਾ ਜਿਥੇ ਕਿ ਆਜਾਦੀ ਦਾ ਪਹਿਲਾ ਤਿਰੰਗਾ ਝੰਡਾ ਲਹਿਰਾਇਆ ਗਿਆ ਸੀ । ਇਸ ਦੇ ਖੱਬੇ ਪਾਸੇ ਨੂੰ ਪ੍ਰਸਿੱਧ ਜਾਮਾ ਮਸਜਿਦ ਹੈ ਜਿਥੇ ਹਜ਼ਾਰਾਂ ਮੁਸਲਮਾਨ ਇਕੱਠੇ ਬੈਠ ਕੇ ਨਮਾਜ ਪੜਦੇ ਹਨ । ਕਸ਼ਮੀਰੀ ਗੇਟ ਵਿੱਚ ਖੂਨੀ ਦਰਵਾਜਾ ਹੈ ਜਿਥੇ ਅਨੇਕਾਂ ਭਾਰਤੀ ਸੁਤੰਤਰਤਾ ਸੈਨਾਨੀਆਂ ਨੂੰ ਫਾਂਸੀ ਉੱਤੇ ਚੜ੍ਹਾ ਦਿੱਤਾ ਗਿਆ ਸੀ |

ਰਾਜਧਾਨੀ ਦਿੱਲੀ ਦਾ ਚਿੜੀਆਘਰ ਆਪਣੇ ਵੱਡੇ ਆਕਾਰ ਕਾਰਨ ਪੂਰੇ ਭਾਰਤ ਵਿੱਚ ਬਹੁਤ ਮਸ਼ੂਹਰ ਹੈ । ਇਸ ਨੂੰ ਵੇਖਣ ਲਈ ਦੂਰ ਦੂਰ ਤੋਂ ਸੈਲਾਨੀ ਆਉਂਦੇ ਹਨ । ਚਿੜੀਆ ਘਰ ਵਿੱਚ ਹਜ਼ਾਰਾਂ ਜਾਨਵਰ ਹਨ | ਇਸ ਦੇ ਨਾਲ ਹੀ ਦਿੱਲੀ ਦਾ ਦਿਲ ਕਨਾਟ ਪਲੇਸ ਦੀ ਰੌਣਕਾਂ ਤਾਂ ਸ਼ਾਮ ਨੂੰ ਵੇਖਣ ਵਾਲੀਆਂ ਹੁੰਦੀਆਂ ਹਨ । ਖਾਸ ਤੌਰ ਤੇ ਨਵੇਂ ਵਰੇ ਦਾ ਸੁਆਗਤ ਜਿੰਨਾ ਜੋਸ਼ ਨਾਲ ਇਥੇ ਕੀਤਾ ਜਾਂਦਾ ਹੈ ਪੁਰੀ ਦਿੱਲੀ ਵਿੱਚ ਕਿਤੇ ਵੀ ਨਹੀਂ ਕੀਤਾ ਜਾਂਦਾ ।

ਦਿੱਲੀ ਦੀ ਹੱਦ ਤੋਂ ਥੋੜਾ ਜਿੰਨਾ ਬਾਹਰ ਚਲੇ ਜਾਈਏ ਤਾਂ ਪਿਕਨਿਕ ਮਨਾਉਣ ਵਾਸਤੇ ਓਖਲਾ ਬੈਰਾਜ ਸਭ ਤੋਂ ਵਧੀਆ ਪਿਕਨਿਕ ਸਥਾਨ ਹੈ । ਇਸ ਦੇ ਨਾਲ ਹੀ ਮਸ਼ਹੂਰ ਪਿਕਨਿਕ ਸਥਾਨ ਸੂਰਜਕੁੰਡ ਵੀ ਹੈ । ਜਿਥੇ ਰੋਜਾਨਾਂ ਹਜ਼ਾਰਾਂ ਲੋਕ ਆ ਕੇ ਪਿਕਨਿਕ ਮਨਾਉਂਦੇ ਹਨ। ਦਿੱਲੀ ਦਾ ਇੰਡੀਆਗੇਟ ਵਿੱਚ ਸ਼ਾਮ ਦੇ ਸਮੇਂ ਰੌਣਕਾਂ ਵੇਖਣ ਵਾਲੀਆਂ ਹੁੰਦੀਆਂ ਹਨ ।

ਇਹਨਾਂ ਤੋਂ ਇਲਾਵਾ ਲੋਧੀ ਗਾਰਡਨ, ਤਾਲਕਟੋਰਾ ਗਾਰਡਨ, ਬੁੱਧ ਜਯੰਤੀ ਪਾਰਕ ਤੇ ਹੋਰ ਅਨੇਕਾਂ ਥਾਂਵਾਂ ਵੀ ਵੇਖਣ ਯੋਗ ਹਨ ।

ਅੱਜ ਦਿੱਲੀ ਦਾ ਪਸਾਰਾ ਏਨਾ ਹੋ ਚੁੱਕਿਆ ਹੈ ਕਿ ਸਰਕਾਰ ਨੇ ਇਸ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ । ਇੱਕ ਹਿੱਸਾ ਪੁਰਾਣੀ ਦਿੱਲੀ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ ਅਤੇ ਦੂਜਾ ਹਿੱਸਾ ਨਵੀਂ ਦਿੱਲੀ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ । ਉਹ ਸਮਾਂ ਦੂਰ ਨਹੀਂ ਜਦੋਂ ਇਹ ਦਿੱਲੀ ਆਪਣੇ ਨਾਲ ਦੂਜੇ ਰਾਜਾਂ ਦੀ ਹੱਦਾਂ ਨੂੰ ਆਪਣੇ ਅੰਦਰ ਸਮਾ ਲਵੇਗੀ ।

Leave a Comment

Your email address will not be published. Required fields are marked *

Scroll to Top