ਇਸ ਸਤਰ ਦਾ ਉਚਾਰਣ ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਜੀ ਨੇ ਕੀਤਾ ਸੀ । ਇਸ ਦਾ ਸ਼ਾਬਦਿਕ ਅਰਥ ਇਹ ਹੈ ਕਿ ਮਿਠਾਸ ਅਤੇ ਨਿਮਰਤਾ ਸਾਰੇ ਚੰਗੇ ਗੁਣਾਂ ਅਤੇ ਚੰਗਿਆਈਆਂ ਦਾ ਨਿਚੋੜ ਹੈ । ਇਹ ਦੋਵੇਂ ਗੁਣ ਮਨੁੱਖੀ ਆਚਰਣ ਦੀ ਕਸੌਟੀ ਮੰਨੇ ਜਾਂਦੇ ਹਨ ।
ਇਹਨਾਂ ਸਤਰਾਂ ਵਿਚ ਗੁਰੂ ਸਾਹਿਬ ਸਿੰਬਲ ਰੁੱਖ ਦਾ ਪ੍ਰਤੀਕ ਲੈ ਕੇ ਮਨੁੱਖ ਨੂੰ ਸਮਝਾਉਂਦੇ ਹਨ ਕਿ ਸਿੰਬਲ ਦਾ ਰੁੱਖ ਕਿੰਨਾ ਵੱਡਾ ਹੁੰਦਾ ਹੈ ਲੇਕਿਨ ਉਸ ਦੇ ਫਲ, ਫੁਲ ਬੇਸੁਆਦੇ ਹੁੰਦੇ ਹਨ । ਇਸੇ ਤਰ੍ਹਾਂ ਮਨੁੱਖ ਦੀ ਮਿਠਾਸ ਉਸ ਦੇ ਨੀਵਾਂ ਹੋਣ ਵਿੱਚ ਹੀ ਹੈ ਨਾ ਕਿ ਉੱਚਾ ਹੋ ਕੇ ਵਡਿਆਈਆਂ ਮਾਰਨ ਵਿੱਚ ।
ਅੱਜ ਦੇ ਸਮਾਜ ਦੇ ਲੋਕ ਜੇਕਰ ਇਹਨਾਂ ਤੁਕਾਂ ਨੂੰ ਆਪਣੇ ਮਨ ਵਿੱਚ ਵਸਾ ਲੈਣ ਤਾਂ ਉਹਨਾਂ ਨੂੰ ਇਸ ਦਾ ਦੁਹਰਾ ਲਾਭ ਹੁੰਦਾ ਹੈ । ਜਿਥੇ ਮਨੁੱਖ ਦਾ ਆਪਣਾ ਅੰਦਰਲਾ ਮਨ ਪ੍ਰਸੰਨ ਰਹਿੰਦਾ ਹੈ, ਉਥੇ ਹੀ ਸੁੱਖ ਅਤੇ ਖੁਸ਼ੀਆਂ ਪ੍ਰਾਪਤ ਕਰਦੇ ਹਨ । ਇਸ ਲਈ ਸਾਨੂੰ ਹਮੇਸ਼ਾ ਹਰ ਕਿਸੇ ਨਾਲ ਮਿੱਠਾ ਬੋਲਣਾ ਚਾਹੀਦਾ ਹੈ । ਭਾਵ ਨਿਮਰਤਾ ਨਾਲ ਗੱਲ ਕਰਨੀ ਚਾਹੀਦੀ ਹੈ ।
ਜੀਵਨ ਵਿੱਚ ਜੇਕਰ ਸਫਲਤਾ ਪ੍ਰਾਪਤ ਕਰਨੀ ਹੈ ਤਾਂ ਸਾਨੂੰ ਇਹਨਾਂ ਗੁਣਾਂ ਨੂੰ ਧਾਰਨ ਕਰਨਾ ਹੀ ਪਵੇਗਾ । ਮਿੱਠੇ ਬੋਲਾਂ ਦੁਆਰਾ ਅਸੀਂ ਜਿਥੇ ਜਿਆਂ ਦਾ ਵੱਧ ਤੋਂ ਵੱਧ ਸਹਿਯੋਗ ਅਤੇ ਮਿਲਵਰਤਨ ਪ੍ਰਾਪਤ ਕਰ ਸਕਦੇ ਹਾਂ । ਇਸੇ ਤਰ੍ਹਾਂ ਸਾਡਾ ਸਮਾਜਿਕ ਦਾਇਰਾ ਵੀ ਵਿਸ਼ਾਲ ਹੋ ਜਾਂਦਾ ਹੈ । ਜਿਹੜੇ ਮਨੁੱਖਾਂ ਨੇ ਇਹਨਾਂ ਗੁਣਾਂ ਨੂੰ ਧਾਰਨ ਕੀਤਾ ਹੁੰਦਾ ਹੈ ਉਹ ਵੀ ਉਸ ਦੇ ਰੰਗ ਵਿੱਚ ਰੰਗੇ ਜਾਂਦੇ ਹਨ। ਅਰਥਾਤ ਉਹਨਾਂ ਲੋਕਾਂ ਤੇ ਵੀ ਇਸ ਦੀ ਰੰਗਤ ਚੜ੍ਹ ਜਾਂਦੀ ਹੈ । ਜਿਸ ਮਨੁੱਖ ਕੋਲ ਇਹ ਗੁਣ ਹੋਣਗੇ ਉਹ ਸਦਾ ਲਈ ਅਤੇ ਹਰ ਸਥਿਤੀ ਵਿੱਚ ਸੰਭਾਲੇ ਪਏ, ਰਹਿਣਗੇ । ਜਿਹੜਾ ਮਨੁੱਖ ਆਪਣੇ ਸੁਆਰਥ ਲਈ ਮਿੱਠਾ ਬੋਲਦਾ ਉਸ ਮਨੁੱਖ ਦਾ ਭੇਦ ਛੇਤੀ ਹੀ ਸਭ ਦੇ ਸਾਹਮਣੇ ਖੁੱਲ ਜਾਂਦਾ ਹੈ । ਬਣਾਵਟੀ ਮਿੱਠਾਪਨ ਥੋੜੀ ਦੇਰ ਲਈ ਹੁੰਦਾ ਹੈ । ਬਾਅਦ ਵਿੱਚ ਉਹ ਮਨੁੱਖ ਆਪਣੀ ਅਸਲੀਅਤ ਉੱਤੇ ਆ ਜਾਂਦੇ ਹਨ |
ਗੁਰੂ ਦੁਆਰਾ ਦੱਸੇ ਹੋਏ ਗੁਣ ਸਿਰਫ਼ ਗੱਲਾਂ ਨਾਲ ਹੀ ਮਨੁੱਖ ਕੋਲ ਨਹੀਂ ਆ ਜਾਂਦੇ ਬਲਕਿ ਮਨੁੱਖ ਨੂੰ ਆਪਣਾ ਜੀਵਨ ਵੀ ਉਸੇ ਤਰ੍ਹਾਂ ਤਬਦੀਲ ਕਰਨਾ ਪੈਂਦਾ ਹੈ । ਤਾਂ ਹੀ ਉਸ ਕੋਲ ਇਹੋ ਜਿਹੇ ਗੁਣ ਆਉਂਦੇ ਹਨ । ਜੇਕਰ ਕਿਸੇ ਮਨੁੱਖ ਅੰਦਰ ਸੁਆਰਥ, ਲਾਲਸਾ ਤੇ ਹਉਮੈ ਵਰਗੀਆਂ ਇਛਾਵਾਂ ਨਾ ਹੋਣ ਅਤੇ ਦੂਜਿਆਂ ਨਾਲ ਪਿਆਰ, ਭਲਾਈ ਦੇ ਭਾਵ ਪੈਦਾ ਹੋਣ ਤਾਂ ਹੀ ਉਸ ਦੇ ਅੰਦਰੋਂ ਮਿੱਠੇ ਬੋਲ ਨਿਕਲਣਗੇ । ਗੁਰੂ ਜੀ ਨੇ ਇਹਨਾਂ ਤੁਕਾਂ ਰਾਹੀਂ ਸਾਨੂੰ ਸਮਝਾ ਦਿੱਤਾ ਹੈ ਕਿ ਜੇਕਰ ਇਹਨਾਂ ਗੁਣਾਂ ਨੂੰ ਅਮਲੀ ਰੂਪ ਵਿੱਚ ਧਾਰਨ ਕਰ ਲਵਾਂਗੇ ਤਾਂ ਸਾਰੀ ਦੁਨੀਆਂ, ਸਾਡੇ ਪਿੱਛੇ ਲੱਗ ਜਾਵੇਗੀ ਤੇ ਅਸੀਂ ਉਹਨਾਂ ਦੇ ਆਗੂ ਬਣ ਜਾਵਾਂਗੇ ।