ਭਾਵੇਂ ਪੰਜਾਬੀ ਭਾਸ਼ਾ ਦਾ ਆਪਣਾ ਨਿੱਜੀ ਸੰਗਠਨ ਹੈ ਪਰ ਇਸ ਉੱਤੇ ਹਰਨਾਂ ਬੋਲੀਆਂ ਦੇ ਕਾਫ਼ੀ ਪ੍ਰਭਾਵ ਪੈਂਦੇ ਰਹੇ ਹਨ। ਭਾਰਤ-ਪਾਕ ਦਾ ਸਾਂਝਾ ਪੰਜਾਬ ਇੱਕ ਅਜੇਹੀ ਗੁੱਠ ਵਿੱਚ ਵਸਦਾ ਹੈ, ਜਿਥੇ ਇੱਕ ਤਾਂ ਬਹੁਤ ਪੁਰਾਣੇ ਜ਼ਮਾਨੇ ਵਿੱਚ ਆਦਿ ਵਾਸੀ ਕਬੀਲੇ ਰਹਿੰਦੇ ਸਨ। ਆਦਿਵਾਸੀਆਂ ਦੇ ਮੁੰਡਾ ਕਬੀਲੇ ਤੇ ਦਾਵਿੜੀ ਜਾਤੀਆਂ ਖ਼ਾਸ ਵਰਨਣਯੋਗ ਹਨ। ਮੁੰਡਾ ਬੋਲੀਆਂ ਤੇ ਦਾਵਿੜੀ ਬੋਲੀਆਂ ਦੇ ਪ੍ਰਭਾਵ ਅੱਜ ਵੀ ਲੱਭੇ ਜਾ ਸਕਦੇ ਹਨ ਅਤੇ ਦੂਜਾ ਬਾਹਰੋਂ ਆਏ ਜਰਵਾਣੇ ਹਮਲਾਵਰ ਪੰਜਾਬ ਨੂੰ ਸਮੇਂ-ਸਮੇਂ ਬੁਰੀ ਤਰ੍ਹਾਂ ਲਿਤਾੜਦੇ ਰਹੇ। ਇਹਨਾਂ ਹਮਲਾਵਰਾਂ ਦੀਆਂ ਬੋਲੀਆਂ ਜਿਵੇਂ ਈਰਾਨੀ, ਯੂਨਾਨੀ, ਤੁਰਕੀ, ਅਰਬੀ, ਫ਼ਾਰਸੀ, ਪੁਰਤਗਾਲੀ ਤੇ ਅੰਗਰੇਜ਼ੀ ਆਦਿ ਨੇ ਪੰਜਾਬੀ ਉੱਤੇ ਢੇਰ ਅਸਰ ਪਾਇਆ ਹੈ। ਮੁਸਲਮਾਨਾਂ ਦੀ ਹਕੂਮਤ ਵੇਲੇ ਪੰਜਾਬੀ ਭਾਸ਼ਾ ਦਾ ਅਰਬੀ, ਫ਼ਾਰਸੀ ਬੋਲੀਆਂ ਨਾਲ ਲਗਪਗ 800 ਸਾਲ ਵਾਸਤਾ ਪੈਂਦਾ ਰਿਹਾ। ਇਸ ਕਰਕੇ ਰਾਜ ਪ੍ਰਬੰਧ ਤੇ ਸੋਨਾ ਸੰਬੰਧੀ ਅਰਬੀ ਫ਼ਾਰਸੀ ਦੇ ਹਜ਼ਾਰਾਂ ਸ਼ਬਦ ਪੰਜਾਬੀ ਭਾਸ਼ਾ ਵਿੱਚ ਰਚਮਿਚ ਗਏ ਜਿਵੇਂ ਬਾਦਸ਼ਾਹ, ਵਜ਼ੀਰ, ਵਕੀਲ, ਅਰਦਲੀ, ਸਿਪਾਹੀ, ਥਾਣੇਦਾਰ, ਤੀਰ ਕਮਾਨ, ਨੇਜ਼ਾ, ਬੰਦੂਕ, ਤਪ ਆਦਿ। ਇਸ ਤੋਂ ਬਿਨ੍ਹਾਂ ਧਰਮ, ਖਾਣ-ਪੀਣ, ਪਹਿਨ-ਪਹਿਰਾਵਾ, ਗਹਿਣੇ ਤੂੰਬਾਂ, ਇਮਾਰਤ, ਹਿਕਮਤ ਤੇ ਸਾਹਿਤ ਵਿੱਚ ਵੀ ਅਰਬੀ ਫ਼ਾਰਸੀ ਦਾ ਬਹੁਤ ਪ੍ਰਭਾਵ ਹੈ ਪਰ ਜਦੋਂ ਅੰਗਰੇਜ਼ੀ ਭਾਸ਼ਾ ਆਈ ਤਾਂ ਅਰਬੀ ਫ਼ਾਰਸੀ ਦੇ ਪ੍ਰਭਾਵ ਨੂੰ ਠੱਲ੍ਹ ਪੈ ਗਈ। ਉਦੋਂ ਪੰਜਾਬ ਵਿੱਚ ਇਹ ਕਹਾਵਤ ਮਸ਼ਹੂਰ ਹੋ ਗਈ-
“ਪੜੇ ਫ਼ਾਰਸੀ ਵੇਚ ਤੇਲ। ਵੇਖ ਇਹ ਕਿਸਮਤ ਦਾ ਖੇਲ।“
ਫੇਰ ਅੰਗਰੇਜ਼ਾਂ ਦੇ ਰਾਜ ਭਾਗ ਵੇਲੇ ਅੰਗਰੇਜ਼ੀ ਬੋਲੀ ਆਈ ਜੋ ਪੰਜਾਬ ਨਾਲ ਸੌ ਸਾਲਾਂ ਤੱਕ ਸੰਬੰਧਿਤ ਰਹੀ ਅਤੇ ਹੁਣ ਅੰਗਰੇਜ਼ਾਂ ਦੇ ਚਲੇ ਜਾਣ ਤੋਂ ਬਾਅਦ ਵੀ ਅੰਗਰੇਜ਼ੀ ਬੋਲੀ ਦਾ ਪ੍ਰਭਾਵ ਬਦਸਤੂਰ ਜਾਰੀ ਹੈ। ਕੀ ਪੜੇ , ਕੀ ਅਨਪੜੇ ਸਾਰਿਆਂ ਦੀ ਜ਼ਬਾਨ ਵਿੱਚ ਅੰਗਰੇਜ਼ੀ ਦਾ ਅਸਰ ਹੈ ਪਰ ਇਸ ਦੇ ਨਾਲ-ਨਾਲ ਅੱਜ ਕੱਲ ਹੋਰ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ ਹੈ। ਭਾਰਤੀ ਪੰਜਾਬੀ ਵਿੱਚ ਹਿੰਦੀ ਸੰਸਕ੍ਰਿਤ ਬੋਲੀਆਂ ਦਾ ਰਸੂਖ਼ ਵੱਧ ਰਿਹਾ ਹੈ ਅਤੇ ਉੱਧਰ ਅਰਬੀ-ਫ਼ਾਰਸੀ ਉਰਦੂ, ਪਾਕਿਸਤਾਨੀ ਪੰਜਾਬੀ ਉੱਤੇ ਅਸਰ ਪਾ ਰਹੀਆਂ ਹਨ।