ਉਪਭਾਸ਼ਾ
“ਉਪਭਾਸ਼ਾ ਅੰਗਰੇਜ਼ੀ ਸ਼ਬਦ“ ਡਾਇਲੈਕਟ ਦਾ ਸਿੱਧਾ ਪੰਜਾਬੀ ਅਨੁਵਾਦ ਹੈ। ਉਪਭਾਸ਼ਾ ਬਾਰ ਚੇਤਨਾ ਕੋਈ ਬਹੁਤੀ ਪੁਰਾਣੀ ਨਹੀਂ ਹੈ। ਉੱਨੀਵੀਂ ਸਦੀ ਦੇ ਅਖੀਰ ਤੇ ਜਦੋਂ ਵੱਖ ਵੱਖ ਦੇਸ਼ਾਂ ਵਿੱਚ ਉਪਭਾਸ਼ਾ ਦੀ ਖੋਜ ਵੱਲ ਵਿਦਵਾਨਾਂ ਦਾ ਧਿਆਨ ਕੇਂਦਰਿਤ ਹੋਇਆ ਤਾਂ ਉਸ ਵੇਲੇ “ਉਪਭਾਸ਼ਾ ਦਾ ਸੰਕਲਪ ਪੈਦਾ ਹੋਇਆ। ਪੰਜਾਬੀ ਵਿੱਚ ਵੀ ਉਪਭਾਸ਼ਾ ਦਾ ਸੰਕਲਪ ਇਸੇ ਸਦੀ ਵਿੱਚ ਹੀ ਉੱਭਰਿਆ ਹੈ, ਜਿਸ ਕਰਕੇ ਪੰਜਾਬੀ ਭਾਸ਼ਾ ਦੀਆਂ ਵੱਖ ਵੱਖ ਉਪਭਾਸ਼ਾਵਾਂ ਦੀ ਪਛਾਣ ਤੇ ਸਥਾਪਤੀ ਦਾ ਖੋਜ ਕਾਰਜ ਜਾਰੀ ਹੋਇਆ ਹੈ। ਪੰਜਾਬੀ ਉਪਭਾਸ਼ਾ ਬਾਰੇ ਜ਼ਰੂਰੀ ਜਾਣਕਾਰੀ ਅਤੇ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਦਾ ਵਰਨਣ ਅੱਗੇ ਕੀਤਾ ਜਾ ਰਿਹਾ ਹੈ ਪਰ ਪਹਿਲਾਂ ਏਥੇ ਉਪਭਾਸ਼ਾ ਦੀ ਪਰਿਭਾਸ਼ਾ, ਲੱਛਣ, ਵਿਸ਼ੇਸ਼ਤਾਵਾਂ, ਮਹੱਤਤਾ ਦਾ ਸੰਖੇਪ ਨਿਰੂਪਣ ਪੇਸ਼ ਕੀਤਾ ਜਾਂਦਾ ਹੈ।
ਉਪਭਾਸ਼ਾ ਕੀ ਹੈ?
“ਉਪਭਾਸ਼ਾ ਕਿਸੇ ਭਾਸ਼ਾ ਦਾ ਇਲਾਕਾਈ ਜਾਂ ਸਮਾਜਿਕ ਤੌਰ ‘ਤੇ ਨਿਖੜਵੀਂ ਇੱਕ ਵੰਨਗੀ ਹੈ, ਜਿਸ ਦੀ ਪਛਾਣ ਖ਼ਾਸ ਕਿਸਮ ਦੀ ਸ਼ਬਦਾਵਲੀ ਤੇ ਵਾਕਬਣਤਰ ਤੋਂ ਕੀਤੀ ਜਾ ਸਕਦੀ ਹੈ। ਜਿਸ ਭਾਸ਼ਾ ਦਾ ਖੇਤਰ ਵਿਸ਼ਾਲ ਹੋਵੇ, ਜਿਸ ਨੂੰ ਬਹੁਤ ਵੱਡੀ ਗਿਣਤੀ ਵਿੱਚ ਲੱਕ ਬਲਦੇ ਹੋਣ, ਅਕਸਰ ਉਸ ਭਾਸ਼ਾ ਵਿੱਚ ਉਪਭਾਸ਼ਾਵਾਂ ਵਿਕਾਸ ਕਰ ਹੀ ਜਾਂਦੀਆਂ ਹਨ, ਖ਼ਾਸ ਕਰਕੇ ਅਜੇਹੀਆਂ ਹਾਲਤਾਂ ਵਿੱਚ ਜਦੋਂ ਲੋਕਾਂ ਨੂੰ ਦਰਿਆ, ਪਹਾੜ ਆਦਿ ਭੂਗੋਲਿਕ ਵਿੱਥਾਂ ਕਰਕੇ ਮੇਲ ਮਿਲਾਪ ਦੇ ਮੌਕੇ ਘੱਟ ਮਿਲਦੇ ਹੋਣ।
ਜੋ ਐਲ. ਬਰੁੱਕ [J.L Brooke] ਨੇ ਲਿਖਿਆ ਹੈ ਕਿ ਆਮ ਤੌਰ ਤੇ ਉਪਭਾਸ਼ਾ ਬੋਲਣ ਵਾਲੇ ਲੋਕ ਬੜੇ ਹੁੰਦੇ ਹਨ ਜਦ ਕਿ “ਭਾਸ਼ਾ ਬੋਲਣ ਵਾਲਿਆਂ ਲੋਕਾਂ ਦੀ ਗਿਣਤੀ ਵੱਡੀ ਹੁੰਦੀ ਹੈ। ਇਸ ਤਰ੍ਹਾਂ ਉਪਭਾਸ਼ਾ ਜਨਗਿਣਤੀ ਦੇ ਤੌਰ ਤੇ ਛੋਟੀ ਹੁੰਦੀ ਹੈ।
ਡਾ. ਜੇ. ਐੱਸ. ਪੁਆਰ ਦੇ ਅਨੁਸਾਰ ਕਿਸੇ ਭਾਸ਼ਾ ਦੇ ਉਸ ਵਿਸ਼ੇਸ਼ ਰੂਪ ਨੂੰ ਜੋ ਉਸ ਭਾਸ਼ਾਈ ਇਲਾਕੇ ਦੇ ਕਿਸੇ ਇੱਕ ਭਾਗ ਵਿੱਚ ਬੋਲਿਆ ਜਾਂਦਾ ਹੈ ਅਤੇ ਜੋ ਉਚਾਰਨ, ਵਿਆਕਰਨ, ਸ਼ਬਦ ਭੰਡਾਰ ਅਤੇ ਮੁਹਾਵਰੇ ਦੇ ਪੱਖ ਤੋਂ “ਭਾਸ਼ਾ ਦੇ ਟਕਸਾਲੀ ਰੂਪ ਨਾਲੋਂ ਕੁਝ ਵੱਖਰਾ ਹੁੰਦਾ ਹੈ, ਉਪਭਾਸ਼ਾ ਦਾ ਨਾਂ ਦਿੱਤਾ ਜਾਂਦਾ ਹੈ। ਡਾ. ਭੋਲਾਨਾਥ ਤਿਵਾਰੀ ਦਾ ਕਥਨ ਹੈ ਕਿ “ਉਪਭਾਸ਼ਾ) ਕਿਸੇ ਭਾਸ਼ਾ ਦੇ ਇੱਕ ਅਜੇਹੇ ਸੀਮਿਤ ਖੇਤਰੀ ਰੂਪ ਨੂੰ ਆਖਦੇ ਹਨ ਜਿਹੜਾ ਟਕਸਾਲੀ ਭਾਸ਼ਾ ਤੋਂ ਕਿਤੇ-ਕਿਤੇ ਭਿੰਨ ਹੁੰਦਾ ਹੈ ਪਰ ਏਨਾ ਭਿੰਨ ਨਹੀਂ ਕਿ ਉਸ ਭਾਸ਼ਾ ਦੀਆਂ ਹੋਰ ਉਪਭਾਸ਼ਾਵਾਂ ਵਾਲੇ ਲੋਕ ਉਸ ਨੂੰ ਨਾ ਸਮਝ ਸਕਦੇ ਹੋਣ।
ਸੋ ਇਹਨਾਂ ਸਾਰੇ ਵਿਚਾਰਾਂ ਦੇ ਚਾਨਣ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ “ਉਪਭਾਸ਼ਾ ਟਕਸਾਲੀ ਭਾਸ਼ਾ ਦੇ ਵਿਸ਼ਾਲ ਦਾਇਰੇ ਵਿੱਚ ਕਿਸੇ ਇੱਕ ਸੀਮਿਤ ਖੇਤਰ ਦੀ ਬੋਲੀ ਹੁੰਦੀ ਹੈ ਜਿਸ ਵਿੱਚ ਮੁੱਖ ਭਾਸ਼ਾ ਨਾਲੋਂ ਕੁਝ ਨਵੇਕਲੀਆਂ ਵਿਸ਼ੇਸ਼ਤਾਈਆਂ ਹੁੰਦੀਆਂ ਹਨ ਅਤੇ ਜਿਸ ਨੂੰ ਸਹਿ-ਉਪਭਾਸ਼ਾਵਾਂ ਵਾਲੇ ਲੋਕ ਆਪਸ ਵਿੱਚ ਸਮਝ ਸਕਦੇ ਹਨ
ਉਪਭਾਸ਼ਾਵਾਂ ਦੀਆਂ ਵਿਸ਼ੇਸ਼ਤਾਵਾਂ
ਉਪਭਾਸ਼ਾ ਭੂਗੋਲਿਕ ਜਾਂ ਸਮਾਜਿਕ ਤੌਰ ਤੇ ਇੱਕ ਸੀਮਿਤ ਦਾਇਰੇ ਦੀ ਬੋਲਚਾਲ ਦੀ ਬੋਲੀ ਹੁੰਦੀ ਹੈ।
ਇਕ ਹੀ “ਭਾਸ਼ਾ ਦੀਆਂ ਵੱਖ ਵੱਖ ਉਪਭਾਸ਼ਾਵਾਂ ਵਿੱਚ ਕੁਝ-ਕੁਝ ਫਰਕ ਹੁੰਦੇ ਹਨ ਪਰ ਅਜੇਹੀਆਂ ਉਪਭਾਸ਼ਾਵਾਂ ਨੂੰ ਬੋਲਣ ਵਾਲੇ ਸਾਰੇ ਲੋਕ ਆਪ ਵਿੱਚ ਇੱਕ ਦੂਜੇ ਨੂੰ ਸਮਝਦੇ ਹਨ।
ਉਪਭਾਸ਼ਾ, ਭਾਸ਼ਾ ਵਿੱਚੋਂ ਨਿਕਲੀ ਨਹੀਂ ਹੁੰਦੀ, ਸਗੋਂ ਉਪਭਾਸ਼ਾ ਤੇ ਭਾਸ਼ਾ ਦੋਵੇਂ ਇੱਕ ਸਮੇਂ ਵੱਖ ਵੱਖ ਇਲਾਕਿਆਂ ਵਿੱਚ ਪ੍ਰਚਲਿਤ ਹੋਈਆਂ ਹੁੰਦੀਆਂ ਹਨ।
ਉਪਭਾਸ਼ਾ ਸੰਬੰਧਿਤ ਟਕਸਾਲੀ ਭਾਸ਼ਾ ਦੀ ਉੱਨਤੀ ਵਿੱਚ ਅਹਿਮ ਭੂਮਿਕਾ ਅਦਾ ਕਰ ਸਕਦੀ ਹੈ ਅਤੇ ਕਈ ਠੇਠ ਸ਼ਬਦਾਂ ਦਾ ਯੋਗਦਾਨ ਪਾ ਸਕਦੀ ਹੈ।
ਉਪਭਾਸ਼ਾ ਵਿੱਚ ਪੁਰਾਤਨ ਸ਼ਬਦ ਰੂਪਾਂ ਅਤੇ ਭਾਸ਼ਾਈ ਤੱਤਾਂ ਨੂੰ ਸੰਭਾਲਿਆ ਹੁੰਦਾ ਹੈ।
ਉਪਭਾਸ਼ਾ ਵਿੱਚ ਉਸ ਇਲਾਕੇ ਦੇ ਪੁਰਾਤਨ ਇਤਿਹਾਸ, ਲੋਕ ਸਾਹਿਤ ਤੇ ਸੱਭਿਆਚਾਰ ਦੀ ਜਾਣਕਾਰੀ ਮਿਲਦੀ ਹੈ।
ਸਹਿ ਉਪਭਾਸ਼ਾਵਾਂ ਦੇ ਤਾਣੇ-ਬਾਣੇ ਵਿੱਚ ਸੱਭਿਆਚਾਰਕ ਸ਼ਬਦਾਂ ਦੇ ਵੱਖ ਵੱਖ ਰੂਪਾਂ ਨੂੰ ਵੇਖਿਆ ਜਾ ਸਕਦਾ ਹੈ। ਪੰਜਾਬੀ ਉਪਭਾਸ਼ਾਵਾਂ ਵਿੱਚ ਬੱਚੇ ਲਈ, “ਮੁੰਡਾ, ਛੋਹਰਾ, ਬਾਲ, ਜਾਤ, ਨੱਢਾ, ਲੜਕਾ, ਛੱਕਰਾ, ਬੁਜਾ, ਕਾਕਾ, ਆਦਿ ਕਿੰਨੇ ਹੀ ਸ਼ਬਦ ਰੂਪ ਹਨ। ਅੱਜ ਦੇ ਯੁੱਗ ਵਿੱਚ ਭਾਸ਼ਾ ਦੇ ਨਾਲ-ਨਾਲ ਉਪਭਾਸ਼ਾਵਾਂ ਦਾ ਅਧਿਐਨ ਵੀ ਜ਼ਰੂਰੀ ਹੋ ਗਿਆ ਹੈ।