ਉਪਭਾਸ਼ਾ ਦੇ ਸੰਕਲਪ ਦੀ ਸਿਧਾਂਤਿਕ ਜਾਣ-ਪਛਾਣ ਤੋਂ ਬਾਅਦ ਹੁਣ ਅਸੀਂ ਪੰਜਾਬੀ ਦੀਆਂ ਉਪਭਾਸ਼ਾਵਾਂ ਦਾ ਵੇਰਵਾ ਤੇ ਵਰਨਣ ਪੇਸ਼ ਕਰਦੇ ਹਾਂ। ਪੰਜਾਬੀ ਸਾਂਝੇ ਪੰਜਾਬ ਦੀ ਜੱਦੀ ਲੋਕ ਭਾਸ਼ਾ ਹੈ ਜਿਸ ਨੂੰ ਬੋਲਣ ਵਾਲੇ ਲੋਕ ਬਹੁਤ ਵੱਡੀ ਗਿਣਤੀ ਵਿੱਚ ਹਨ। ਪੰਜਾਬੀ ਬੋਲਦਾ ਭੂਗੋਲਿਕ ਖੇਤਰ ਵੀ ਭਾਰਤੀ ਪੰਜਾਬ ਤੇ ਪਾਕਿਸਤਾਨੀ ਪੰਜਾਬ ਦੋਹਾਂ ਖਿੱਤਿਆਂ ਵਿੱਚ ਫੈਲਿਆ ਹੋਇਆ ਹੈ। ਬੁਲਾਰਿਆਂ ਦੀ ਵੱਡੀ ਗਿਣਤੀ ਹੋਣ ਕਰਕੇ ਅਤੇ ਵੱਡੇ ਸਾਰੇ ਭੂ-ਖੰਡ ਵਿੱਚ ਫੈਲੀ ਹੋਣ ਕਰ ਕੇ ਪੰਜਾਬੀ ਦੀਆਂ ਕਈ ਉਪਭਾਸ਼ਾਵਾਂ ਵਿਕਸਿਤ ਹੋਈਆਂ ਹਨ। ਇਸ ਤਰ੍ਹਾਂ ਪੰਜਾਬੀ ਭਾਸ਼ਾ ਦੇ ਆਲੇ ਦੁਆਲੇ ਉਪਭਾਸ਼ਾਵਾਂ ਨੇ ਇੱਕ ਝੁਰਮਟ ਪਾਇਆ ਹੋਇਆ ਹੈ।
ਉਪਭਾਸ਼ਾਵਾਂ ਤੋਂ ਇਲਾਵਾ ਪੰਜਾਬੀ ਦੀਆਂ ਕਈ ਲਘ ਬੋਲੀਆਂ ਤੇ ਸਥਾਨਿਕ ਬੋਲੀਆਂ ਵੀ ਥਾਂਓ ਥਾਈਂ ਮਿਲਦੀਆਂ ਹਨ। ਇਸ ਦਾ ਕਾਰਨ ਇਹ ਹੈ ਕਿ ਪੁਰਾਤਨ ਤੇ ਨਵੇਂ ਪੰਜਾਬ ਪ੍ਰਾਂਤ ਦੇ ਲਗ-ਪਗ ਹਰ ਵੱਡੇ ਸ਼ਹਿਰ, ਨਗਰ , ਕਬੀਲੇ , ਤੇ ਜਾਤ ਬਰਾਦਰੀ ਦੀ ਕੁਝ ਨਾ ਕੁਝ ਫ਼ਰਕ ਵਾਲੀ ਆਪੋ-ਆਪਣੀ ਬੋਲੀ ਵੇਖੀ ਜਾ ਸਕਦੀ ਹੈ ਪਰ ਅਜੇਹੀਆਂ ਲਘੂ-ਬੋਲੀਆਂ ਤੇ ਸਥਾਨਿਕ ਮੁਕਾਮੀ ਬੋਲੀਆਂ ਦੇ ਨਿੱਜੀ ਵਖਰੇਵੇਂ ਕਈ ਉੱਭਰਵੇਂ ਨਹੀਂ ਹਨ ਅਤੇ ਨਿੱਜੀ ਵਿਸ਼ੇਸ਼ਤਾਵਾਂ ਵੀ ਨਾਂ ਮਾਡਰ ਹਨ, ਇਸ ਲਈ ਅਜੇਹੇ ਬੋਲੀ ਰੂਪ ਉਪਭਾਸ਼ਾਵਾਂ ਜਾਂ ਮੁੱਖ ਭਾਸ਼ਾ ਦੇ ਪਿੰਡੇ ਵਿੱਚ ਹੀ ਅੰਤਰਲੀਨ ਹੁੰਦੇ ਰਹਿੰਦੇ ਹਨ।