ਇਕ ਨਦੀ ਅੰਦਰ ਮਗਰਮੱਛ ਰਹਿੰਦਾ ਸੀ । ਨਦੀ ਦੇ ਕੰਢੇ ਤੇ ਜਾਮਨ ਦਾ ਦਰਖ਼ਤ ਸੀ ਤੇ ਉਸ ਦਰਖ਼ਤ ਤੇ ਇਕ ਬਾਂਦਰ ਰਹਿੰਦਾ ਸੀ। ਬਾਂਦਰ ਮਗਰਮੱਛ ਨੂੰ ਰੋਜ਼ ਜਾਮਨ ਖੁਆਉਂਦਾ ਤੇ ਇਸ ਦੇ ਬਦਲੇ ਵਿੱਚ ਮਗਰਮੱਛ ਉਸ ਨੂੰ ਨਦੀ ਵਿੱਚ ਸੈਰ ਕਰਾਉਂਦਾ। ਇਕ ਦਿਨ ਮਗਰਮੱਛ ਆਪਣੀ ਘਰ ਵਾਲੀ ਲਈ ਜਾਮਨ ਲੈ ਗਿਆ | ਉਸ ਦੀ ਘਰਵਾਲੀ ਬਹੁਤ ਖੁਸ਼ ਹੋਈ ਤੇ ਉਸ ਨੇ ਬਾਂਦਰ ਦਾ ਦਿਲ਼ ਖਾਣ ਦੀ ਇੱਛਾ ਪ੍ਰਗਟ ਕੀਤੀ। ਮਗਰਮੱਛ ਨੇ ਉਸ ਨੂੰ ਬਹੁਤ ਸਮਝਾਇਆ | ਲੇਕਿਨ ਉਹ ਨਾ ਮੰਨੀ ।
ਮਗਰਮੱਛ ਉਸੇ ਸਮੇਂ ਵਾਪਸ ਬਾਂਦਰ ਕੋਲ ਆਇਆ ਤੇ ਉਸ ਨੂੰ ਆਪਣੇ ਘਰ ਚੱਲਣ ਲਈ ਬੇਨਤੀ ਕੀਤੀ । ਪੂਰੇ ਰਾਹ ਵਿੱਚ ਮਗਰਮੱਛ ਉਦਾਸ ਬਣਿਆ ਰਿਹਾ । ਇਹ ਵੇਖ ਕੇ ਬਾਂਦਰ ਨੇ ਮਗਰਮੱਛ ਦੀ ਉਦਾਸੀ ਦਾ ਕਾਰਣ ਪੁੱਛਿਆ | ਮਗਰਮੱਛ ਨੇ ਸਾਰੀ ਘਟਨਾ ਸੱਚ ਸੱਚ ਦੱਸ ਦਿੱਤੀ । ਇਹ ਸੁਣ ਕੇ ਬਾਂਦਰ ਘਬਰਾਇਆ ਨਹੀਂ । ਉਹ ਮਗਰਮੱਛ ਨੂੰ ਕਹਿਣ ਲੱਗਾ ਕਿ ਮੇਰਾ ਦਿਲ ਤਾਂ ਦਰਖ਼ਤ ਤੇ ਰਹਿ ਗਿਆ ਹੈ ਤੂੰ ਮੈਨੂੰ ਵਾਪਸ ਦਰਖ਼ਤ ਤੇ ਲੈ ਚਲ । ਮਗਰਮੱਛ ਉਸ ਦੀ ਗੱਲ ਵਿੱਚ ਆ ਗਿਆ ਤੇ ਉਸ ਨੂੰ ਵਾਪਸ ਦਰਖ਼ਤ ਤੇ ਲੈ ਗਿਆ। ਬਾਂਦਰ ਝੱਟ ਦੇਣ ਛਾਲ ਮਾਰ ਕੇ ਦਰਖ਼ਤ ਤੇ ਚੜ ਗਿਆ ਤੇ ਕਹਿਣ ਲੱਗਾ ਮਰਖ ਕਦੇ ਕਿਸੇ ਦਾ ਦਿਲ ਵੀ ਦਰਖ਼ਤ ਤੇ ਰਹਿ ਸਕਦਾ ਹੈ । ਤੂੰ ਘਰਵਾਲੀ ਦੇ ਕਹਿਣ ਤੇ ਮੇਰੀ ਜਾਨ ਲੈਣੀ ਚਾਹੁੰਦਾ ਸੀ । ਵਾਪਸ ਆਪਣੇ ਘਰ ਚਲਾ ਜਾ ਅੱਜ ਤੋਂ ਤੇਰੀ ਮੇਰੀ ਦੋਸਤੀ ਖ਼ਤਮ ।