ਅੱਜ ਮਨੁੱਖ ਦਾ ਸਾਰਾ ਜੀਵਨ ਬਿਜਲੀ ਉਪਰ ਹੀ ਨਿਰਭਰ ਹੈ । ਵਿਗਿਆਨ ਦੀਆਂ ਅਨੇਕਾਂ ਕਾਢਾਂ ਵਿੱਚੋਂ ਬਿਜਲੀ ਦੀ ਕਾਢ ਬਹੁਤ ਹੀ ਮਹੱਤਵਪੂਰਣ ਹੈ । ਇਹ ਸਾਡੇ ਘਰਾਂ, ਕਮਰਿਆਂ ਨੂੰ ਗਰਮੀਆਂ ਵਿੱਚ ਠੰਡਾ ਕਰਨ ਤੇ ਸਰਦੀਆਂ ਵਿੱਚ ਗਰਮ ਕਰਨ ਅੰਦਰ ਸਾਡੀ ਬਹੁਤ ਹੀ ਮਦਦ ਕਰਦੀ ਹੈ । ਰੇਡੀਓ, ਟੀ.ਵੀ. ਆਦਿ ਅਨੇਕਾਂ ਚੀਜਾਂ ਚਲਾਉਣ ਵਿੱਚ ਵੀ ਬਿਜਲੀ ਦਾ ਇਸਤੇਮਾਲ ਕੀਤਾ ਜਾਂਦਾ ਹੈ । ਜਿਥੇ ਬਿਜਲੀ ਦੀਆਂ ਸਾਨੂੰ ਏਨੀਆਂ ਸਹੂਲਤਾਂ ਪ੍ਰਾਪਤ ਹਨ ਉਥੇ ਹੀ ਇਸ ਦੀ ਕੋਈ ਵੀ ਨੰਗੀ ਤਾਰ ਸਾਡੀ ਜਾਨ ਲੈ ਸਕਦੀ ਹੈ ।
ਅੱਜ ਜਿਸ ਪਾਸੇ ਵੀ ਨਜ਼ਰ ਮਾਰਦੇ ਹਾਂ ਸਾਨੂੰ ਉਸ ਪਾਸੇ ਬਿਜਲੀ ਆਪਣਾ ਕੰਮ ਕਰਦੀ ਨਜ਼ਰ ਆਉਂਦੀ ਹੈ । ਜਿਥੇ ਇਸ ਦੀ ਵਰਤੋ ਘਰਾਂ ਅੰਦਰ ਕੀਤੀ ਜਾਂਦੀ ਹੈ ਉਥੇ ਹੀ ਇਹ ਕਾਰਖਾਨਿਆਂ ਵਿੱਚ ਵਰਤੀ ਜਾਂਦੀ ਹੈ । ਬਿਜਲੀ ਬਹੁਤ ਭਾਰੀਆਂ ਅਤੇ ਵੱਡੀਆਂ ਮਸ਼ੀਨਾਂ ਦੇ ਚਲਾਉਣ ਵਿੱਚ ਕੰਮ ਆਉਂਦੀ ਹੈ । ਜਿਸ ਕੰਮ ਨੂੰ ਮਨੁੱਖ ਹੱਥਾਂ ਨਾਲ ਨਹੀਂ ਕਰ ਸਕਦੇ ਉਸ ਕੰਮ ਨੂੰ ਬਿਜਲੀ ਨਾਲ ਚੱਲਣ ਵਾਲੀਆਂ ਮਸ਼ੀਨਾਂ ਝੱਟਪੱਟ ਕਰ ਦਿੰਦੀਆਂ ਹਨ ।
ਅੱਜ ਦੇ ਨਵੀਨਤਮ ਸਮੇਂ ਵਿੱਚ ਰੇਲ ਗੱਡੀਆਂ ਵੀ ਬਿਜਲੀ ਨਾਲ ਹੀ ਚੱਲਦੀਆਂ ਹਨ। ਹਸਪਤਾਲਾਂ ਵਿੱਚ ਮਨੁੱਖ ਦੀਆਂ ਬੀਮਾਰੀਆਂ ਦਾ ਇਲਾਜ ਕਰਨ ਵਾਲੀਆਂ ਅਨੇਕਾਂ ਮਸ਼ੀਨਾਂ ਵੀ ਬਿਜਲੀ ਨਾਲ ਹੀ ਚਲਦੀਆਂ ਹਨ ।
ਅੱਜ ਤੋਂ ਪੰਜਾਹ ਸਾਲ ਪਹਿਲਾਂ ਸਾਨੂੰ ਬਿਜਲੀ ਦੀ ਏਨੀ ਵਰਤੋ ਹੁੰਦੀ ਨਜ਼ਰ ਨਹੀਂ ਸੀ ਆਉਂਦੀ । ਮਨੁੱਖ ਦੀਵੇ ਜਾਂ ਘਾਹ ਫੂਸ ਸਾੜ ਕੇ ਰੋਸ਼ਨੀ ਦਾ ਪ੍ਰਬੰਧ ਕਰ ਲੈਂਦਾ ਸੀ । ਉਹ ਮਨੁੱਖ ਉਸ ਵੇਲੇ ਆਪਣੇ । ਸਮੇਂ ਅਨੁਸਾਰ ਖੁਸ਼ ਸੀ । ਉਸ ਸਮੇਂ ਦਾ ਮਨੁੱਖ ਜੇਕਰ ਅੱਜ ਦੇ ਸਮੇਂ ਇਸ ਦੁਨੀਆਂ ਨੂੰ ਦੇਖੇ ਤਾਂ ਉਸਨੂੰ ਬਹੁਤ ਹੈਰਾਨੀ ਹੋਵੇਗੀ । ਲੇਕਿਨ ਜੇਕਰ ਅੱਜ ਦਾ ਮਨੁੱਖ ਪੁਰਾਣੇ ਸਮੇਂ ਬਾਰੇ ਕਲਪਨਾ ਹੀ ਕਰ ਕੇ ਦੇਖ ਲਵੇ ਤਾਂ ਉਹ ਆਪਣੀ ਜ਼ਿੰਦਗੀ ਨੂੰ ਅਧੂਰੀ ਹੀ ਸਮਝੇਗਾ | ਅੱਜ ਜਿੱਥੇ ਬਿਜਲੀ ਨੇ ਮਨੁੱਖ ਦੇ ਹਰ ਇਕ ਛੋਟੇ ਤੋਂ ਛੋਟੇ ਕੰਮ ਵਿੱਚ ਆਪਣਾ ਹੱਥ ਵੰਡਾਇਆ ਹੈ ਉਥੇ ਜੇ ਕਰ ਬਿਜਲੀ ਨਾ ਹੋਵੇ ਤਾਂ ਇਸ ਦੁਨੀਆਂ ਦਾ ਕੀ ਬਣੇ । ਇਹ ਸੋਚਣ ਵਾਲੀ ਗੱਲ ਹੈ । ਬਿਜਲੀ ਨਾ ਹੋਣ ਕਰਕੇ ਸਾਡੇ ਘਰਾਂ ਵਿੱਚ ਸਿਰਫ਼ ਹਨੇਰਾ ਹੀ ਹਨੇਰਾ ਨਜ਼ਰ ਆਵੇਗਾ ।
ਅੱਜ ਮਨੁੱਖ ਨੂੰ ਬਿਜਲੀ ਦੀ ਉਪਯੋਗਿਤਾ ਦਾ ਪਤਾ ਲੱਗ ਚੁੱਕਾ ਹੈ। ਕਈ ਮਨੁੱਖ ਇਸ ਕੁਦਰਤੀ ਤਾਕਤ ਦਾ ਜ਼ਿਆਦਾਤਰ ਗਲਤ ਇਸਤੇਮਾਲ ਕਰਦੇ ਹਨ। ਘਰਾਂ ਵਿਚ ਟੀ.ਵੀ. ਦਾ ਬੇਮਲਤਬ ਚਲਦੇ ਰਹਿਣਾ, ਲਾਟੂਆਂ ਦਾ ਬੇ ਮਤਲਬ ਚਲਦੇ ਰਹਿਣਾ ਇਸ ਦੇ ਉਦਾਹਰਣ ਹਨ । ਭਾਰਤ ਵਿੱਚ ਜਿੰਨੀ ਬਿਜਲੀ ਪੈਦਾ ਕੀਤੀ ਜਾਂਦੀ ਹੈ , ਉਸ ਤੋਂ ਕਿਤੇ ਜ਼ਿਆਦਾ ਅਸੀਂ ਖਰਚ ਕਰ ਦਿੰਦੇ ਹਾਂ |
ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਾਡੀ ਅੱਜ ਦੀ ਜ਼ਿੰਦਗੀ ਵਿਚ ਬਿਜਲੀ ਦਾ ਬਹੁਤ ਹੀ ਮਹੱਤਵਪੂਰਨ ਸਥਾਨ ਹੈ । ਜਿਵੇਂ ਅਸੀਂ ਭੋਜਨ ਖਾਧੇ ਬਗੈਰ ਨਹੀਂ ਰਹਿ ਸਕਦੇ ਉਸੇ ਤਰਾਂ ਬਿਜਲੀ ਦੇ ਬਗੈਰ ਵੀ ਨਹੀਂ ਰਹਿ ਸਕਦੇ ।