ਧਰਤੀ ਦਾ ਕੇਂਦਰ

Getting your Trinity Audio player ready...

ਬੀਰਬਲ ਦੀ ਰੋਜ਼ਾਨਾ ਵਧਦੀ ਸ਼ੋਹਰਤ ਵੇਖ ਕੇ ਕਈ ਵਜ਼ੀਰ ਅਮੀਰ ਉਸ ਨਾਲ ਖ਼ਾਰ ਖਾਣ ਲੱਗ ਪਏ । ਉਨ੍ਹਾਂ ਰਲ ਕੇ ਖ਼ਵਾਜਾ ਸਰਾਂ (ਬੇਗ਼ਮਾਂ ਦੇ ਮਹੱਲਾਂ ਦੇ ਰਾਖੇ-ਹੀਜੜੇ) ਨੂੰ ਉਕਸਾਇਆ, ਕਿ ਉਹ ਬਾਦਸ਼ਾਹ ਪਾਸੋਂ ਬੀਰਬਲ ਦੀ ਕਿਸੇ ਸਮੇਂ ਬੇਇਜ਼ਤੀ ਕਰਾਏ। ਸੋ ਕਈ ਦਿਨਾਂ ਦੀ ਸੋਚ ਵਿਚਾਰ ਪਿਛੋਂ ਖ਼ਵਾਜਾ ਸਰਾਂ ਨੇ ਅਕਬਰ ਨੂੰ ਕਿਹਾ – “ਹਜ਼ੂਰ! ਬੀਰਬਲ ਬੜਾ ਸਿਆਣਾ ਬਣਦਾ ਹੈ, ਉਸ ਪਾਸੋਂ ਮੇਰੇ ਤਿੰਨ ਪ੍ਰਸ਼ਨਾਂ ਦਾ ਉੱਤਰ ਲੈ ਦਿਓ ਤਾਂ ਜਾਣਾ”।
ਅਕਬਰ ਬਾਦਸ਼ਾਹ ਦੇ ਪੁੱਛਣ ਤੇ ਉਸ ਆਪਣੇ ਸੁਆਲ ਦੱਸੇ –
ਧਰਤੀ ਦਾ ਕੇਂਦਰ ਕਿੱਥੇ ਹੈ ?
ਅਸਮਾਨ ਤੇ ਤਾਰੇ ਕਿੰਨੇ ਹਨ ?
ਦੁਨੀਆਂ ਵਿਚ ਮਰਦਾਂ ਤੇ ਤੀਵੀਆਂ ਦੀ ਠੀਕ ਠੀਕ ਗਿਣਤੀ ਕਿੰਨੀ ਹੈ ?
ਇਹ ਗੱਲਾਂ ਹੋ ਹੀ ਰਹੀਆਂ ਸਨ, ਕਿ ਬੀਰਬਲ ਦਰਬਾਰ ਵਿਚ ਆ ਪੁੱਜਾ। ਅਕਬਰ ਨੇ ਉਸ ਤੋਂ ਉਹੀ ਸਵਾਲ ਪੁੱਛੇ। ਬੀਰਬਲ ਦੂਜੇ ਦਿਨ ਉੱਤਰ ਦੇਣ ਦੀ ਆਗਿਆ ਮੰਗ ਕੇ ਘਰ ਚਲਾ ਗਿਆ।

ਦੂਜੇ ਦਿਨ ਦਰਬਾਰ ਵਿਚ ਬੜੀ ਰੌਣਕ ਲੱਗੀ ਸੀ, ਬੀਰਬਲ ਇਕ ਹਥੌੜਾ, ਇਕ ਕਿੱਲਾ ਤੇ ਇਕ ਲੇਲਾ ਲੈ ਕੇ ਆਣ ਪੁੱਜਾ।
ਬਾਦਸ਼ਾਹ ਨੂੰ ਸਲਾਮ ਕਰਕੇ ਉਹ ਆਪਣੀ ਕੁਰਸੀ ਤੇ ਬੈਠਾ ਹੀ ਸੀ, ਕਿ ਅਕਬਰ ਨੇ ਕੱਲ ਵਾਲੇ ਆਪਣੇ ਤਿੰਨ ਸੁਆਲ ਦੁਹਰਾਏ। ਬੀਰਬਲ ਆਪਣੀ ਥਾਂ ਤੋਂ ਉਠਿਆ, ਤੇ ਦਰਬਾਰ ਦੇ ਇਕ ਸਿਰੇ ਤੇ, ਖ਼ਵਾਜਾ ਸਰਾਂ ਦੀ ਕੁਰਸੀ ਹੇਠਾਂ ਹਥੌੜੇ ਨਾਲ ਕਿੱਲਾ ਗੱਡ ਕੇ ਕਹਿਣ ਲੱਗਾ –
“ਹਜ਼ੂਰ! ਇਹ ਧਰਤੀ ਦਾ ਕੇਂਦਰ ਹੈ, ਜਿਸ ਨੂੰ ਸ਼ਕ ਹੋਵੇ, ਉਹ ਆਪ ਮਿਣਤੀ ਕਰ ਲਵੇ”।
ਬਾਦਸ਼ਾਹ ਬੋਲਿਆ – “ਅਸਮਾਨ ਤੇ ਤਾਰੇ ਕਿੰਨੇ ਹਨ?”
ਬੀਰਬਲ ਨੇ ਲੇਲਾ ਅੱਗੇ ਕਰਕੇ ਕਿਹਾ – “ਹਜ਼ੂਰ! ਜਿੰਨੇ ਇਸ ਦੇ ਵਾਲ ਹਨ। ਉਤਨੇ ਹੀ ਅਸਮਾਨ ਤੇ ਤਾਰੇ ਹਨ ਕਿਸੇ ਨੂੰ ਬੇਇਤਬਾਰੀ ਹੋਵੇ, ਤਾਂ ਬੇਸ਼ਕ ਤਾਰੇ ਤੇ ਵਾਲ ਗਿਣ ਕੇ ਮਿਲਾ ਲਵੇ”।
ਬਾਦਸ਼ਾਹ ਨੇ ਤੀਜਾ ਸਵਾਲ ਪੁੱਛਿਆ – “ਦੁਨੀਆਂ ਤੇ ਮਰਦਾਂ ਤੇ ਤੀਵੀਆਂ ਦੀ ਠੀਕ ਠੀਕ ਗਿਣਤੀ ਕਿੰਨੀ ਹੈ?”
ਹਜ਼ੂਰ ਉਸਦਾ ਜਵਾਬ ਵੀ ਤਿਆਰ ਹੈ, ਪਰ ਠੀਕ ਗਿਣਤੀ ਦੱਸਣ ਲਈ ਆਪ ਦੀ ਮਦਦ ਦੀ ਲੋੜ ਹੈ, ਜੇ ਹਜ਼ੂਰ ਇਕਰਾਰ ਕਰੋ, ਤਾਂ ਬੇਨਤੀ ਕਰਾਂ ਬੀਰਬਲ ਨੇ ਅਰਜ਼ ਕੀਤੀ।
ਬਾਦਸ਼ਾਹ ਅਕਬਰ ਨੇ ਸਿਰ ਹਿਲਾਣ ਤੇ ਬੀਰਬਲ ਕਹਿਣ ਲੱਗਾ – “ਮਰਦਾਂ ਤੇ ਤੀਵੀਆਂ ਦੀ ਠੀਕ ਠੀਕ ਗਿਣਤੀ ਮੇਰੇ ਪਾਸ ਮੌਜੂਦ ਹੈ, ਪਰ ਮੈਂ ਸੋਚ ਰਿਹਾ ਹਾਂ, ਕਿ ਖ਼ਵਾਜਾ ਸਰਾਂ ਲੋਕਾਂ (ਹੀਜੜਿਆਂ) ਨੂੰ ਕਿਸ ਗਿਣਤੀ ਵਿਚ ਰੱਖਾਂ, ਨਾ ਇਹ ਮਰਦਾਂ ਵਿਚ ਗਿਣੇ ਜਾ ਸਕਦੇ ਹਨ, ਤੇ ਨਾ ਤੀਵੀਆਂ ਵਿਚ। ਸੋ ਮੇਰਾ ਵਿਚਾਰ ਹੈ ਕਿ ਇਨ੍ਹਾਂ ਨੂੰ ਕਤਲ ਕਰਾ ਦਿੱਤਾ ਜਾਏ, ਤਾਂ ਹੀ ਬਾਕੀ ਦੀ ਗਿਣਤੀ ਦਾ ਠੀਕ ਠੀਰ ਅੰਦਾਜ਼ਾ ਲਗ ਸਕੇਗਾ”।
ਬੀਰਬਲ ਦੇ ਉੱਤਰ ਨੂੰ ਸੁਣ ਕੇ ਵਜ਼ੀਰਾਂ ਅਮੀਰਾਂ ਦੇ ਪੇਟ ਵਿਚ ਹੱਸ ਹੱਸਕੇ ਕੜਵਲ ਪੈਣ ਲੱਗੇ, ਪਰ ਖ਼ਵਾਜਾ ਸਰਾਂ ਨੇ ਸ਼ਰਮਿੰਦਗੀ ਨਾਲ ਸਿਰ ਨੀਵਾਂ ਪਾ ਲਿਆ।

Scroll to Top