ਗਧਾ ਕੌਣ ?

Getting your Trinity Audio player ready...

(1)
ਇਕ ਦਿਨ ਸ਼ਾਹੀ ਦਰਬਾਰ ਵਿਚ ਬੈਠਦਿਆਂ ਬੀਰਬਲ ਦਾ ਪਦ (ਹਵਾ ਸਰਕ ਗਈ) ਨਿਕਲ ਗਿਆ। ਬਾਦਸ਼ਾਹ ਕਹਿਣ ਲਗਾ, “ਬੀਰਬਲ! ਤੂੰ ਨਿਰਾ ਖੋਤਾ ਏਂ ।”
ਬੀਰਬਲ – “ਨਹੀਂ ਹਜ਼ੂਰ, ਪਹਿਲਾਂ ਮੈਂ ਬੜਾ ਸਿਆਣਾ ਸਾਂ, ਕੁਝ ਚਿਰ ਤੋਂ ਖੋਤਿਆਂ ਦੀ ਸੰਗਤ ਨਾਲ ਅਕਲ ਜਾਂਦੀ ਰਹੀ ਹੈ ।”
(2)
ਇਸ ਸਮੇਂ ਬੀਰਬਲ ਸ਼ਾਹੀ ਤਖ਼ਤ ਦੇ ਨਾਲ ਹੀ ਕੁਰਸੀ ਤੇ ਬੈਠਾ ਹੋਇਆ ਸੀ। ਅਕਬਰ ਨੇ ਕੁਝ ਚਿਰ ਦੀ ਖਾਮੋਸ਼ੀ ਪਿਛੋਂ ਫਿਰ ਵਾਰ ਕੀਤਾ – “ਬੀਰਬਲ! ਧਰਮੋਂ ਧਰਮੀਂ ਦਸੀਂ, ਤੇਰੇ ਤੇ ਗਧੇ ਵਿਚ ਕਿਨਾਂ ਫਰਕ ਹੈ?”
ਬੀਰਬਲ, ਆਪਣੀ ਤੇ ਮੁਲਾਂ ਦੀ ਕੁਰਸੀ ਦਾ ਫਾਸਲਾ ਮਾਪ ਕੇ ਕਹਿਣ ਲਗਾ, “ਹਜ਼ੂਰ! ਕੇਵਲ ਚਾਰ ਗਿੱਠਾਂ ਦਾ ।”
(3)
ਦਰਬਾਰ ਖਤਮ ਹੋਣ ਤੇ ਅਕਬਰ, ਬੀਰਬਲ ਤੇ ਮੁਲਾਂ ਦੋ ਪਿਆਜ਼ਾ ਨੂੰ ਲੈ ਕੇ ਹਵਾ ਖੋਰੀ ਲਈ ਬਾਹਿਰ ਨਿਕਲ ਗਿਆ। ਬਾਹਿਰ ਗਰਮੀ ਸੀ, ਬੀਰਬਲ ਨੂੰ ਪਸੀਨਾ ਆ ਗਿਆ, ਉਸ ਆਪਣਾ ਕੋਟ ਲਾਹ ਕੇ ਮੋਢੇ ਤੇ ਸੁੱਟ ਲਿਆ। ਅਕਬਰ ਤੇ ਮੁਲਾਂ ਨੇ ਵੀ ਆਪਣੇ ਆਪਣੇ ਚੋਗੇ ਉਤਾਰ ਕੇ ਬੀਰਬਲ ਦੇ ਮੋਢੇ ਤੇ ਸੁਟ ਦਿੱਤੇ। ਅਕਬਰ ਬਾਦਸ਼ਾਹ ਨੂੰ ਬੜੀ ਦੂਰ ਦੀ ਸੁਝੀ। ਉਹ ਕਹਿਣ ਲਗਾ – “ਬੀਰਬਲ! ਤੇਰੇ ਤੇ ਇਸ ਵੇਲੇ ਪੂਰੇ ਗਧੇ ਦਾ ਭਾਰ ਲਦਿਆ ਹੋਇਆ ਹੈ”।
ਬੀਰਬਲ ਵਿਚੋਂ ਹੀ ਬੋਲ ਉਠਿਆ – “ਨਹੀਂ ਹਜ਼ੂਰ! ਦੋਹਾਂ ਦਾ, ਆਪ ਦੇ ਨਾਲ ਮੁਲਾਂ ਦੋ ਪਿਆਜ਼ਾ ਵੀ ਤਾਂ ਹਨ ।”
ਇਹ ਸੁਣ ਕੇ ਅਕਬਰ ਤੇ ਮੁਲਾਂ ਦੋ ਪਿਆਜ਼ਾ ਬੜੇ ਸ਼ਰਮਿੰਦੇ ਹੋਏ।

Scroll to Top