ਪੰਜਾਬੀ ਭਾਸ਼ਾ ਨੂੰ ਲਿਖਣ ਲਈ ਦੋ ਲਿਪੀਆਂ ਦਾਅਵੇਦਾਰ ਹਨ। ਇੱਕ ਹੈ ਗੁਰਮੁਖੀ ਲਿਪੀ ਜਿਸ ਦੀ ਵਰਤੋਂ ਭਾਰਤੀ ਪੰਜਾਬੀ ਨੂੰ ਲਿਖਣ ਵਾਸਤੇ ਕੀਤੀ ਜਾ ਰਹੀ ਹੈ ਅਤੇ ਦੂਜੀ ਹੈ ਫ਼ਾਰਸੀ-ਉਰਦੂ ਲਿਪੀ ਜਿਸ ਨੂੰ ਪਾਕਿਸਤਾਨ ਵਿੱਚ ਪੰਜਾਬੀ ਲਿਖਣ ਵਾਸਤੇ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ। ਗੁਰਮੁਖੀ ਲਿਪੀ ਤਾਂ ਪੰਜਾਬ ਦੀ ਧਰਤੀ ਦੀ ਉਪਜ ਹੈ, ਇਹ ਕਿਸੇ ਬਾਹਰਲੇ ਦੇਸ਼ ਤੋਂ ਮਾਂਗਵੀਂ ਨਹੀਂ ਲਿਆਂਦੀ ਗਈ ਪਰ ਫ਼ਾਰਸੀ ਉਰਦੂ ਲਿਪੀ ਬਾਹਰਲੇ ਦੇਸ ਦੀ ਹੀਬਰੂ ਲਿਪੀ ਤੋਂ ਅਰਬੀ ਲਿਪੀ ਰਾਹੀਂ ਫ਼ਾਰਸੀ, ਉਰਦੂ ਲਿਖਣ ਲਈ ਲਿਆਂਦੀ ਗਈ ਹੈ। ਨਾਲੇ ਗੁਰਮੁਖੀ ਲਿਪੀ ਸਿਰਫ਼ ਪੰਜਾਬੀ ਭਾਸ਼ਾ ਲਿਖਣ ਲਈ ਹੀ ਰਾਖਵੀਂ ਹੈ ਪਰ ਫ਼ਾਰਸੀ ਉਰਦੂ ਲਿਪੀ ਨੂੰ ਇੱਕ ਤੋਂ ਵੱਧ ਜ਼ੁਬਾਨਾਂ ਲਈ ਵਰਤਣ ਦਾ ਜਤਨ ਕੀਤਾ ਜਾਂਦਾ ਹੈ। ਇਹ ਇੱਕ ਵਿਗਿਆਨਿਕ ਸਚਾਈ ਹੈ ਕਿ ਹਰ ਜ਼ੁਬਾਨ ਦੀਆਂ ਆਪਣੀਆਂ ਵਿਲੱਖਣ ਤੇ ਨਿਵੇਕਲੀਆਂ ਧੁਨੀਆਂ ਹੁੰਦੀਆਂ ਹਨ। ਅਰਬੀ ਦੀਆਂ ਧੁਨੀਆਂ ਹੋਰ ਹਨ, ਫ਼ਾਰਸੀ ਦੀਆਂ ਹੋਰ ਹਨ ਅਤੇ ਪੰਜਾਬੀ ਦੀਆਂ ਧੁਨੀਆਂ ਹੋਰ ਹਨ। ਇਹਨਾਂ ਸਾਰੀਆਂ ਬਹੁਭਾਸ਼ਿਕ ਧੁਨੀਆਂ ਨੂੰ ਇੱਕ ਲਿਪੀ ਸਹੀ ਤੌਰ ਤੇ ਪ੍ਰਗਟ ਨਹੀਂ ਕਰ ਸਕਦੀ। ਇਸ ਤੋਂ ਬਿਨਾਂ ਫ਼ਾਰਸੀ ਉਰਦੂ ਲਿਪੀ ਵਿੱਚ ਪੰਜਾਬੀ ਦੀਆਂ ਣ, , ਲ ਧੁਨੀਆਂ ਲਿਖਣ ਵਾਸਤੇ ਅੱਖਰ (ਹਰੂਛ) ਹੀ ਨਹੀਂ ਹਨ ਅਤੇ ਫ਼ਾਰਸੀ ਉਰਦੂ ਲਿਪੀ ਵਿੱਚ ਕਈ ਅੱਖ਼ਰ ਵਾਧੂ ਹਨ, ਜਿਨ੍ਹਾਂ ਦੇ ਬਰਾਬਰ ਦੀਆਂ ਪੰਜਾਬੀ ਵਿੱਚ ਧੁਨੀਆਂ ਹੀ ਨਹੀਂ ਹਨ। ਇਸ ਲਈ ਇਹ ਅੱਖਰ ਵਾਧੂ ਤੇ ਬੇਲੋੜੇ ਹਨ। ਏਥੇ ਥਾਂ ਨਹੀਂ ਕਿ ਇਸ ਸਮੱਸਿਆ ਦੀ ਹਰ ਚਰਚਾ ਕੀਤੀ ਜਾਵੇ। ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਪੰਜਾਬੀ ਲਿਖਣ ਵਾਸਤੇ ਗੁਰਮੁਖੀ ਲਿਪੀ ਹੀ ਸੁਯੋਗ ਤੇ ਸਮਰੱਥ ਲਿਪੀ ਹੈ।