ਜਿਵੇਂ ਮਨੁੱਖੀ ਸਰੀਰ ਨੂੰ ਤੰਦਰੁਸਤ ਰੱਖਣ ਲਈ ਸੰਤੁਲਿਤ ਭੋਜਨ ਦੀ ਲੋੜ ਹੁੰਦੀ ਹੈ, ਇਸੇ ਤਰ੍ਹਾਂ ਮਾਨਸਿਕ ਤੰਦਰੁਸਤੀ ਲਈ ਗਿਆਨ ਦੀ ਜ਼ਰੂਰਤ ਹੁੰਦੀ ਹੈ। ਇਹ ਗਿਆਨ ਸਾਨੂੰ ਮਾਪਿਆਂ, ਅਧਿਆਪਕਾਂ ਜਾਂ ਫਿਰ ਪੁਸਤਕਾਂ ਤੋਂ ਪ੍ਰਾਪਤ ਹੁੰਦਾ ਹੈ। ਲਾਇਬ੍ਰੇਰੀ ਵਿੱਚ ਅਲੱਗ-ਅਲੱਗ ਵਿਸ਼ਿਆਂ ਨਾਲ ਸੰਬੰਧਿਤ ਪੁਸਤਕਾਂ ਵਿਸ਼ੇਸ਼ ਤਰਤੀਬ ਨਾ ਰੱਖੀਆਂ ਹੁੰਦੀਆਂ ਹਨ। ਸਾਡੇ ਦੇਸ ਵਿੱਚ ਲਾਇਬ੍ਰੇਰੀਆਂ ਦੀ ਪਰੰਪਰਾ ਬਹੁਤ ਪੁਰਾਣੀ ਹੈ। ਭਾਰਤ ਦੀਆਂ ਨਾਲੰਦਾ ਅਤੇ ਤਕਸ਼ਿਲਾ ਯੂਨੀਵਰਸਿਟੀਆਂ ਦੀਆਂ ਲਾਇਬ੍ਰੇਰੀਆਂ ਪੂਰੀ ਦੁਨੀਆ ਵਿੱਚ ਪ੍ਰਸਿੱਧ ਸਨ।
ਲਾਇਬ੍ਰੇਰੀ ਦੇ ਵੱਖ-ਵੱਖ ਭਾਗ
ਲਾਇਬ੍ਰੇਰੀ ਵਿੱਚ ਆਮ ਤੌਰ ‘ਤੇ ਦੋ ਭਾਗ ਹੁੰਦੇ ਹਨ-ਇੱਕ ਭਾਗ ਵਿੱਚ ਰੋਜ਼ਾਨਾ ਅਖ਼ਬਾਰ, ਸਪਤਾਹਿਕ ਅਖ਼ਬਾਰ ਅਤੇ ਮਹੀਨਾਵਾਰ, ਤੈ-ਮਾਸਿਕ ਜਾਂ ਛਿਮਾਹੀ ਛਪਣ ਵਾਲੇ ਰਿਸਾਲੇ ਹੁੰਦੇ ਹਨ। ਅਖ਼ਬਾਰਾਂ ਤੋਂ ਸਾਨੂੰ ਰੋਜ਼ਾਨਾ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਤਾਜ਼ੀ ਜਾਣਕਾਰੀ ਮਿਲਦੀ ਹੈ। ਸਾਡੀਆਂ ਲਾਇਬ੍ਰੇਰੀਆਂ ਵਿੱਚ ਆਮ ਤੌਰ ਤੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਛਪਣ ਵਾਲੀਆਂ ਅਖ਼ਬਾਰਾਂ ਮੰਗਵਾਈਆਂ ਜਾਂਦੀਆਂ ਹਨ। ਕਿਸੇ-ਕਿਸੇ ਲਾਇਬ੍ਰੇਰੀ ਵਿੱਚ ਉਰਦੂ ਦੀਆਂ ਅਖ਼ਬਾਰਾਂ ਵੀ ਮਿਲਦੀਆਂ ਹਨ। ਰਿਸਾਲੇ ਵੀ ਕਈ ਕਿਸਮ ਦੇ ਹੁੰਦੇ ਹਨ, ਕੁਝ ਸਿਰਫ਼ ਬੱਚਿਆਂ ਲਈ, ਕੁਝ ਨੌਜਵਾਨਾਂ ਲਈ, ਕੁਝ ਔਰਤਾਂ ਲਈ, ਕੁਝ ਖੇਡਾਂ ਸੰਬੰਧੀ, ਕੁਝ ਧਾਰਮਿਕ, ਕੁਝ ਸਮਾਜਿਕ ਅਤੇ ਸੱਭਿਆਚਾਰਿਕ ਜਾਣਕਾਰੀ ਨਾਲ ਭਰਪੂਰ, ਕੁਝ ਵਿਗਿਆਨ ਨਾਲ ਸੰਬੰਧਿਤ ਅਤੇ ਕੁਝ ਮੁਕਾਬਲੇ ਦੀਆਂ ਵਿਸ਼ੇਸ਼ ਪਰੀਖਿਆਵਾਂ ਸੰਬੰਧੀ ਗਿਆਨ ਨਾਲ ਭਰਪੂਰ ਹੁੰਦੇ ਹਨ। ਕੁਝ ਅਖ਼ਬਾਰ ਅਤੇ ਰਿਸਾਲੇ ਵਿਭਿੰਨ ਕਿੱਤਿਆਂ ਅਤੇ ਰੁਜ਼ਗਾਰ ਲਈ ਖ਼ਾਲੀ ਥਾਂਵਾਂ ਦੀ ਜਾਣਕਾਰੀ ਦੇਣ ਸੰਬੰਧੀ ਵੀ ਹੁੰਦੇ ਹਨ। ਲਾਇਬ੍ਰੇਰੀ ਦੇ ਦੂਜੇ ਭਾਗ ਵਿੱਚ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਪੁਸਤਕਾਂ ਦਾ ਸੰਗ੍ਰਹਿ ਹੁੰਦਾ ਹੈ। ਇਹਨਾਂ ਪੁਸਤਕਾਂ ਵਿੱਚ ਦੁਰਲੱਭ ਗਿਆਨ ਸਮਾਇਆ ਹੁੰਦਾ ਹੈ। ਇਹ ਪੁਸਤਕਾਂ ਵਿਭਿੰਨ ਵਿਸ਼ਿਆਂ ਜਿਵੇਂ ਨਾਵਲ, ਕਹਾਣੀਆਂ, ਇਕਾਂਗੀ, ਨਾਟਕ, ਜੀਵਨੀਆਂ, ਸ਼ੌਜੀਵਨੀਆਂ, ਸਫ਼ਰਨਾਮੇ, ਕਵਿਤਾਵਾਂ ਆਦਿ ਨਾਲ ਸੰਬੰਧਿਤ ਹੁੰਦੀਆਂ ਹਨ। ਇਤਿਹਾਸ, ਦਰਸ਼ਨ, ਕਲਾ ਅਤੇ ਵਿਗਿਆਨ ਸੰਬੰਧੀ ਪੁਸਤਕਾਂ ਵੀ ਲਾਇਬ੍ਰੇਰੀ ਦਾ ਸਿੰਗਾਰ ਹੁੰਦੀਆਂ ਹਨ। ਚੰਗੀ ਲਾਇਬ੍ਰੇਰੀ ਦਾ ਇੱਕ ਹਿੱਸਾ ਡਿਕਸ਼ਨਰੀਆਂ, ਸ਼ਬਦ-ਜੋੜ ਕੋਸ਼ਾਂ ਅਤੇ ਹਵਾਲਾ ਪੁਸਤਕਾਂ ਲਈ ਵੀ ਰਾਖਵਾਂ ਹੁੰਦਾ ਹੈ। ਵਿੱਦਿਅਕ ਸੰਸਥਾਵਾਂ ਦੀਆਂ ਲਾਇਬ੍ਰੇਰੀਆਂ ਵਿੱਚ ਵਿਦਿਆਰਥੀਆਂ ਦੇ ਪਾਠ-ਕ੍ਰਮ ਨਾਲ ਸੰਬੰਧਿਤ ਪੁਸਤਕਾਂ ਦਾ ਵੀ ਭੰਡਾਰ ਹੁੰਦਾ ਹੈ। ਲੋੜਵੰਦ ਵਿਦਿਆਰਥੀ ਇਹਨਾਂ ਪੁਸਤਕਾਂ ਨੂੰ ਪੂਰੇ ਸਾਲ ਲਈ ਜਾਰੀ ਕਰਵਾ ਸਕਦੇ ਹਨ ਅਤੇ ਪਰੀਖਿਆ ਉਪਰੰਤ ਇਹ ਪੁਸਤਕਾਂ ਵਾਪਸ ਕਰ ਦਿੰਦੇ ਹਨ।
ਗਿਆਨ ਦਾ ਸੋਮਾ
ਕਿਸੇ ਦੇਸ ਦੀ ਬੌਧਿਕ ਤਰੱਕੀ ਦਾ ਅੰਦਾਜ਼ਾ ਉਸ ਦੇਸ ਵਿਚਲੀਆਂ ਲਾਇਬ੍ਰੇਰੀਆਂ ਦੀ ਗਿਣਤੀ ਅਤੇ ਉਹਨਾਂ ਦੇ ਮਿਆਰ ਤੋਂ ਲਾਇਆ ਜਾ ਸਕਦਾ ਹੈ। ਪਿਛਲੇ ਹਜ਼ਾਰਾਂ ਵਰਿਆਂ ਦੇ ਸਿਆਏ ਅਤੇ ਸੁਘੜ ਵਿਦਵਾਨਾਂ ਨੇ ਆਪਣੀ ਵਿੱਦਿਆ ਤੇ ਸਿਆਣਪ ਦੇ ਤਜਰਬੇ ‘ਤੇ ਆਧਾਰਿਤ ਸਿੱਟੇ ਆਪਣੀਆਂ ਪੁਸਤਕਾਂ ਵਿੱਚ ਕਲਮਬੰਦ ਕੀਤੇ ਹੁੰਦੇ ਹਨ। ਲਾਇਬ੍ਰੇਰੀ ਵਿੱਚ ਇਹ ਮਹਾਨ ਵਿਦਵਾਨ ਇੱਕੋ ਥਾਂ ਇਕੱਠੇ ਮਿਲ ਜਾਂਦੇ ਹਨ। ਲਾਇਬ੍ਰੇਰੀ ਦੀਆਂ ਅਲਮਾਰੀਆਂ ਵਿੱਚ ਪਈਆਂ ਪੁਸਤਕਾਂ ਨੂੰ ਵੇਖ ਕੇ ਇਉਂ ਜਾਪਦਾ ਹੈ, ਜਿਵੇਂ ਬਹੁਤ ਸਾਰੇ ਗਿਆਨਵਾਨ ਲੇਖਕ ਸਿਰ-ਜੋੜ ਕੇ ਬੈਠੇ ਹੋਣ। ਜਦੋਂ ਅਸੀਂ ਕਿਸੇ ਪੁਸਤਕ ਨੂੰ ਚੁੱਕ ਕੇ ਪੜ੍ਹਨਾ ਸ਼ੁਰੂ ਕਰਦੇ ਹਾਂ ਤਾਂ ਉਹ ਆਪਣਾ ਸਾਰਾ ਗਿਆਨ ਸਾਡੇ ਉੱਤੇ ਨਿਛਾਵਰ ਕਰਨ ਲਈ ਤਿਆਰ ਹੁੰਦੀ ਹੈ ਪਰ ਅਸੀਂ ਆਪਣੀ ਸਮਰੱਥਾ ਅਨੁਸਾਰ ਗਿਆਨ ਦੇ ਇਸ ਅਥਾਹ ਸਾਗਰ ਵਿੱਚੋਂ ਚੂਲੀ ਭਰਦੇ ਹਾਂ ਵਿਹਲੇ ਸਮੇਂ ਲਾਇਬ੍ਰੇਰੀ ਵਿੱਚ ਜਾ ਕੇ ਅਖ਼ਬਾਰ, ਰਿਸਾਲੇ ਅਤੇ ਪੁਸਤਕਾਂ ਪੜ੍ਹਨ ਨਾਲ ਸਾਨੂੰ ਗਿਆਨ ਪ੍ਰਾਪਤ ਹੁੰਦਾ ਹੈ ਅਤੇ ਮਨ ਵਾਧੂ ਸ਼ਰਾਰਤਾਂ ਤੋਂ ਵੀ ਬਚਿਆ ਰਹਿੰਦਾ ਹੈ।
ਪੁਸਤਕਾਂ ਸਾਡੇ ਸੱਚੇ ਮਿੱਤਰ
ਸੰਕਟ ਦੇ ਸਮੇਂ ਵਿੱਚ ਜਦੋਂ ਦੋਸਤ-ਮਿੱਤਰ ਅਤੇ ਸਕੇ-ਸੰਬੰਧੀ ਵੀ ਸਾਥ ਛੱਡ ਜਾਂਦੇ ਹਨ ਉਦੋਂ ਵੀ ਪੁਸਤਕਾਂ ਸਾਡੇ ਸੱਚੇ ਮਿੱਤਰ ਬਣਦੀਆਂ ਹਨ ਅਤੇ ਨਿਰਾਸ਼ਾ ਵਿੱਚੋਂ ਨਿਕਲਨ ਲਈ ਸਾਨੂੰ ਰਾਹ ਦਿਖਾਉਂਦੀਆਂ ਹਨ। ਸੰਘਰਸ ਭਰਿਆ ਜੀਵਨ ਜਿਊਣ ਵਾਲੇ ਲੋਕਾਂ ਦੀਆਂ ਜੀਵਨੀਆਂ ਅਤੇ ਸੈਜੀਵਨੀਆਂ ਪਾਠਕਾਂ ਲਈ ਪ੍ਰੇਰਨਾ ਦਾ ਸੋਮਾ ਬਣਦੀਆਂ ਹਨ। ਅਜਿਹੀਆਂ ਪੁਸਤਕਾਂ ਪੜ੍ਹਨ ਵਾਲੇ ਵਿਦਿਆਰਥੀ ਰੁਕਾਵਟਾਂ ਤੋਂ ਘਬਰਾਉਂਦੇ ਨਹੀਂ ਸਗੋਂ ਦ੍ਰਿੜਤਾ ਨਾਲ ਆਪਣੇ ਉਦੇਸ਼ ਵੱਲ ਅੱਗੇ ਵਧਦੇ ਹਨ ਅਤੇ ਮਿਥੀ ਹੋਈ ਮੰਜ਼ਲ ਪ੍ਰਾਪਤ ਕਰਦੇ ਹਨ।
ਵਿਦਿਆਰਥੀਆਂ ਅੰਦਰ ਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਕਰਨਾ
ਵਿਦਿਆਰਥੀਆਂ ਨੂੰ ਸਕੂਲ-ਪੱਧਰ ਉੱਤੇ ਹੀ ਲਾਇਬ੍ਰੇਰੀ ਜਾਣ ਅਤੇ ਪਾਠ-ਕ੍ਰਮ ਤੋਂ ਇਲਾਵਾ ਹੋਰ ਚੰਗੀਆਂ ਕਿਤਾਬਾਂ ਪੜ੍ਹਨ ਦੀ ਚੇਟਕ ਲਾਈ ਜਾਈ ਜ਼ਰੂਰੀ ਹੈ। ਚੰਗੀਆਂ ਪੁਸਤਕਾਂ ਦੀ ਚੋਣ ਕਰਨ ਵਿੱਚ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਮਦਦ ਕਰਨੀ ਚਾਹੀਦੀ ਹੈ। ਅਧਿਆਪਕ ਚੰਗੀਆਂ ਕਿਤਾਬਾਂ ਬਾਰੇ ਸਵੇਰ ਦੀ ਸਭਾ ਵਿੱਚ ਜਾਂ ਜਮਾਤ ਵਿੱਚ ਜਾਣਕਾਰੀ ਦੇ ਸਕਦੇ ਹਨ। ਇਹਨਾਂ ਕਿਤਾਬਾਂ ਵਿਚਲੀਆਂ ਕੁਝ ਗੱਲਾਂ ਵਿਦਿਆਰਥੀਆਂ ਨਾਲ ਸਾਂਝੀਆਂ ਕਰ ਕੇ ਉਹਨਾਂ ਵਿੱਚ ਪੁਸਤਕਾਂ ਪੜ੍ਹਨ ਲਈ ਉਤਸੁਕਤਾ ਪੈਦਾ ਕੀਤੀ ਜਾ ਸਕਦੀ ਹੈ। ਸਕੂਲਾਂ ਵਿੱਚ ਪਾਠਕ-ਕਲੱਬ ਬਣਾਉਣੇ ਚਾਹੀਦੇ ਹਨ। ਵਿਦਿਆਰਥੀਆਂ ਵੱਲੋਂ ਜਾਰੀ ਕਰਵਾਈਆਂ ਕਿਤਾਬਾਂ ਵਿੱਚੋਂ ਲਾਇਬ੍ਰੇਰੀਅਨ ਜਾਂ ਅਧਿਆਪਕ ਵਿਦਿਆਰਥੀਆਂ ਤੋਂ ਕੁਝ ਪ੍ਰਸ਼ਨ ਪੁੱਛ ਸਕਦੇ ਹਨ। ਇਸ ਤਰ੍ਹਾਂ ਕਰਨ ਨਾਲ ਵਿਦਿਆਰਥੀ ਕਿਤਾਬ ਨੂੰ ਵਧੇਰੇ ਰੁਚੀ ਨਾਲ ਪੜ੍ਹਦੇ ਹਨ। ਚੰਗੀਆਂ ਕਿਤਾਬਾਂ ਵਿੱਚੋਂ ਵਧੀਆ ਵਿਚਾਰ ਵਿਦਿਆਰਥੀ ਆਪਣੀ ਡਾਇਰੀ ਵਿੱਚ ਵੀ ਲਿਖ ਸਕਦੇ ਹਨ। ਹਰੇਕ ਵਿੱਦਿਅਕ ਵਰ੍ਹੇ ਦੇ ਅੰਤ ਉੱਤੇ ਵਧੀਆ ‘ਵਿਦਿਆਰਥੀ-ਪਾਠਕ ’ ਚੁਣ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਅਜਿਹੇ ਯਤਨਾਂ ਨਾਲ ਵਿਦਿਆਰਥੀਆਂ ਵਿੱਚ ਚੰਗੀਆਂ ਪੁਸਤਕਾਂ ਪੜ੍ਹਨ ਦੀ | ਰੁਚੀ ਵਧਦੀ ਹੈ ਅਤੇ ਲਾਇਬ੍ਰੇਰੀ ਵਿੱਚ ਭਰੇ ਗਿਆਨ ਦੇ ਖ਼ਜ਼ਾਨੇ ਦੀ ਵੀ ਸੁਚੱਜੀ ਵਰਤੋਂ ਹੁੰਦੀ ਹੈ।