Getting your Trinity Audio player ready... |
ਇਕ ਵਾਰ ਸ਼ਾਹੀ ਮੱਹਲ ਪਾਸੋਂ ਇਕ ਆਦਮੀ ਬੜੇ ਸੋਹਣੇ ਸੋਹਣੇ ਕਾਲੇ ਵੈਂਗਣ ਵੇਚਦਾ ਲੰਘ ਰਿਹਾ ਸੀ। ਅਕਬਰ ਨੇ ਉਨ੍ਹਾਂ ਦਾ ਤਾਰੀਫ ਕੀਤੀ, ਤਾਂ ਬੀਰਬਲ ਕਹਿਣ ਲੱਗਾ – “ਹਜ਼ੂਰ! ਵੈਂਗਣ ਤਾਂ ਇਕ ਅਜਿਹੀ ਸਬਜ਼ੀ ਹੈ, ਜਿਸ ਦੀ ਤਾਰੀਫ ਹੀ ਨਹੀਂ ਹੋ ਸਕਦੀ। ਕੁਕੜ, ਬਕਰੇ ਤੇ ਮੱਛਾ ਦਾ ਮਾਸ ਵੀ ਇਸਦਾ ਮੁਕਾਬਲਾ ਨਹੀਂ ਕਰ ਸਕਦਾ, ਨਾ ਹੱਡੀ, ਨਾ ਪਸਲੀ, ਤੇ ਖਾਣ ਵਿਚ ਇਡਾ ਸਵਾਦੀ। ਸਿਰ ਤੇ ਸੁੰਦਰ ਤਾਜਸ ਕਿਸ਼ਨ ਮਹਾਰਾਜ ਵਰਗਾ ਸਾਂਵਲਾ ਰੰਗ। ਬਸ ਖਾਓ ਤੇ ਮਜ਼ੇ ਪਾਓ”।
ਅਕਬਰ ਨੇ ਸ਼ਾਹੀ ਰਸੋਈਏ ਨੂੰ ਹੁਕਮ ਦਿੱਤਾ, ਕਿ ਅੱਜ ਤੋਂ ਰੋਜ਼ ਵੈਗਣ ਦੀ ਭਾਜੀ ਬਣਿਆ ਕਰੇ।
ਰੋਜ਼ ਵੈਂਗਣ ਖਾਣ ਨਾਲ ਕੁਝ ਦਿਨਾਂ ਪਿੱਛੋਂ ਬਾਦਸ਼ਾਹ ਨੂੰ ਦਸਤ ਲੱਗ ਪਏ, ਨਾਲੇ ਸਵਾਦ ਵੀ ਫਿਕਾ ਫਿਕਾ ਜਾਪਣ ਲੱਗਾ। ਬੀਰਬਲ ਨੂੰ ਬੁਲਾ ਕੇ ਅਕਬਰ ਕਹਿਣ ਲੱਗਾ – “ਬੀਰਬਲ! ਇਹ ਵੈਂਗਣ ਕਿੰਨੀ ਰੱਦੀ ਸਬਜ਼ੀ ਹੈ, ਇਹ ਤਾਂ ਕਿਸੇ ਕੰਮ ਦੀ ਨਹੀਂ”।
“ਹਜ਼ੂਰ! ਵੈਂਗਣ ਵੀ ਕੋਈ ਸਬਜ਼ੀਆਂ ਚੋਂ ਸਬਜ਼ੀ ਹੈ। ਕਾਲਾ ਸਿਆਹ ਰੰਗ – ‘ਨਾਂ ਮੂੰਹ ਨਾ ਮੱਥਾ, ਜਿੰਨ ਪਹਾੜੋਂ ਲੱਥਾ’, ਨਾ ਖੁਰਾਕ, ਇਹ ਤਾਂ ਕੰਮੀਆਂ ਕਮੀਨਾਂ ਦਾ ਖਾਣਾ ਹੈ ਸ਼ਾਹੀ ਮਹੱਲਾਂ ਵਿਚ ਤਾਂ ਇਸ ਦਾ ਪਕਣਾ ਹੀ ਮਨ੍ਹਾਂ ਹੋਣਾ ਚਾਹੀਦਾ ਹੈ।” ਬੀਰਬਲ ਨੇ ਉੱਤਰ ਦਿੱਤਾ।
“ਤੂੰ ਤੇ ਬੀਰਬਲ ਅਗੇ ਕਹਿੰਦਾ ਸੇਂ, ਕਿ ਇਹ ਬੜੀ ਉਤਮ ਸਬਜ਼ੀ ਹੈ, ਤੇ ਅਜ ਇਸ ਨੂੰ ਸਭ ਤੋਂ ਘਟੀਆ ਗਿਣ ਰਿਹਾ ਏਂ, ਇਸ ਦਾ ਕਾਰਨ?” ਅਕਬਰ ਨੇ ਪੁੱਛਿਆ।
“ਜਨਾਬ! ਉਦੋਂ ਤੁਸਾਂ ਤਾਰੀਫ ਕੀਤੀ ਸੀ, ਤੇ ਮੈਂ ਵੀ ਇਸਦੀ ਪ੍ਰਸੰਸਾ ਕਰ ਦਿੱਤੀ। ਅੱਜ ਤੁਸੀਂ ਇਸ ਦੀ ਨਿੰਦਿਆ ਕੀਤੀ, ਤਾਂ ਇਸ ਸੇਵਕ ਨੇ ਵੀ ਨਿੰਦਿਆ ਦੇ ਪੁਲ ਬੰਨ੍ਹ ਦਿੱਤੇ। ਅਸੀਂ ਤਾਂ ਹਜ਼ੂਰ ਬਾਦਸ਼ਾਹ ਸਲਾਮਤ ਦੇ ਨੌਕਰ ਹਾਂ, ਵੈਂਗਣਾਂ ਦੇ ਨਹੀਂ। ਬਾਦਸ਼ਾਹ ਤਾਰੀਫ ਕਰੇ ਤਾਂ ਕਰਦੇ ਹਾਂ, ਜੇ ਉਹ ਨਿੰਦਿਆ ਕਰੇ, ਤਾਂ ਨਿੰਦਿਆ ਕਰਦੇ ਹਾਂ”।